ਰਵੀ ਸਿੰਘ ਦੀ ਸੇਵਾ ਦੀ ਸਿਫਤ ਵਿੱਚ ਕੁਰਦ ਮੁਟਿਆਰ ਦੇ ਦਿਲ ਤੋਂ ਨਿੱਕਲੇ ਕੁੱਝ ਜਜ਼ਬਾਤੀ ਬੋਲ।

ਸੀਰੀਆ ਅਤੇ ਤੁਰਕੀ ਦੀ ਸਰਹੱਦ ਦੇ ਨੇੜਲੇ ਕੁਰਦਿਸ਼ ਕੌਮ ਦੀ ਅਬਾਦੀ ਵਾਲੇ ਖਿੱਤੇ ਵਿੱਚ ਚੱਲ ਰਹੇ ਜੰਗੀ ਮਾਹੌਲ 'ਚ ਲਤਾੜੇ ਅਤੇ ਉਜਾੜੇ ਜਾ ਰਹੇ ਲੋਕਾਂ ਦੀ ਆਸਰਾ ਬਣ ਕੇ ਬਹੁੜੀ ਖਾਲਸਾ ਏਡ ਸੰਸਥਾ ਦੇ ਮੁਖੀ ਰਵੀ ਸਿੰਘ ਦੀ ਸੇਵਾ ਭਾਵਨਾ ਦੀ ਸਿਫਤ ਕਰਦਿਆਂ ਕੁਰਦਿਸ਼ ਮੁਟਿਆਰ ਸੁਜਾਨ ਫਾਹਮੀ ਨੇ ਅੱਜ ਆਲਮੀ ਮਰਦ ਦਿਹਾੜੇ ਨੂੰ ਰਵੀ ਸਿੰਘ ਨੂੰ ਸਮਰਪਿਤ ਕਰਦਿਆਂ ਕੁੱਝ ਦਿਲ ਦੇ ਬੋਲ ਸਾਂਝੇ ਕੀਤੇ। ਉਹਨਾਂ ਬੋਲਾਂ ਦਾ ਪੰਜਾਬੀ ਤਰਜ਼ਮਾ ਅਸੀਂ ਆਪਣੇ ਪਾਠਕਾਂ ਨਾਲ ਸਾਂਝਾ ਕਰ ਰਹੇ ਹਾਂ।

ਰਵੀ ਸਿੰਘ ਦੀ ਸੇਵਾ ਦੀ ਸਿਫਤ ਵਿੱਚ ਕੁਰਦ ਮੁਟਿਆਰ ਦੇ ਦਿਲ ਤੋਂ ਨਿੱਕਲੇ ਕੁੱਝ ਜਜ਼ਬਾਤੀ ਬੋਲ।
Ravi Singh Khalsa Aid

US Media International - USMI


ਸੁਜਾਨ ਫਾਹਮੀ
(ਖਾਲਸਾ ਏਡ ਨਾਲ ਸੇਵਾ ਕਰਦੀ ਕੁਰਦ ਮੁਟਿਆਰ)

"ਕਹਿੰਦੇ ਨੇ ਕੁਰਦਾਂ ਦੇ ਕੋਲ ਦੋਸਤ ਨਹੀਂ ਸਿਰਫ਼ ਪਹਾੜ ਨੇ ਪਰ ਗਲਤ ਕਹਿੰਦੇ ਨੇ, ਕੁਰਦਾਂ ਕੋਲ ਰਵੀ ਸਿੰਘ ਹੈ, ਪਹਾੜਾਂ ਤੋਂ ਵੀ ਵੱਡਾ ਰਵੀ ਸਿੰਘ।

ਮਨੁਖਤਾ ਦੀ ਅਸਲੀ ਪਰਿਭਾਸ਼ਾ ਰਵੀ ਸਿੰਘ ਹੈ : ਕੋਈ ਹੱਦ ਸਰਹੱਦ ਨਹੀਂ, ਕੋਈ ਨਸਲ ਕੌਮ ਦਾ ਵਖਰੇਵਾਂ ਨਹੀਂ। ਕੋਈ ਤਬਾਹੀ ਨਿੱਕੀ ਨਹੀਂ ਹੁੰਦੀ ਹੈ ਤੇ ਕੋਈ ਬੰਦਾ ਇੰਨਾ ਵੱਡਾ ਨਹੀਂ ਹੁੰਦਾ।

ਜਦੋਂ ਹਾਲਾਤ ਇੰਨੇ ਬਦਤਰ ਹੋ ਗਏ ਕਿ ਲੋਕ ਉਥੋਂ ਵਾਪਸ ਨਿਕਲ ਆਏ ਸਨ ਤਾਂ ਰਵੀ ਸਿੰਘ ਵੱਡਾ ਦਿਲ ਤੇ ਖੁੱਲ੍ਹੇ ਡੁੱਲ੍ਹੇ ਹੱਥ ਲੈ ਕੇ ਉੱਥੇ ਆ ਪਹੁੰਚਿਆ। ਪਿਛਲੇ ਕੁਝ ਹਫਤਿਆਂ ਚ ਇਹ ਤਾਂ ਮੈਂ ਅੱਖੀਂ ਵੇਖਿਆ ਕਿ ਉਹ ਕਿਵੇਂ ਰਾਜੋਨਾ (ਕੁਰਦਸਤਾਨ) ਤੋਂ ਉੱਜੜੇ ਹਜ਼ਾਰਾਂ ਕੁਰਦ ਸ਼ਰਨਾਰਥੀਆਂ ਦੀ ਹਰ ਲੋੜ ਪੂਰੀ ਕਰ ਰਿਹਾ ਹੈ।

ਕੁਰਦ ਲੋਕ ਜਾਣਦੇ ਨੇ ਕਿ ਰਵੀ ਸਿੰਘ ਕਦੋਂ ਤੇ ਕਿਵੇਂ ਬਹੁੜਿਆ ਜਦੋਂ ਬਹੁਤੇ ਭੱਜ ਗਏ ਸੀ। ਰਵੀ ਸਿੰਘ ਮੇਰੇ ਮਨ ਮਸਤਕ ਨੂੰ ਜਗਾਉਣ ਵਾਲਾ ਸਿਰਫ ਮੇਰਾ ਵੱਡਾ ਭਰਾ ਹੀ ਨਹੀਂ ਜੋ ਆਪਣੀ ਛੋਟੀ ਭੈਣ ਲਈ ਕੁੱਝ ਵੀ ਕਰ ਸਕਦਾ ਹੈ ਸਗੋਂ ਉਹ ਮੇਰਾ ਰਾਹ ਦਸੇਰਾ ਹੈ, ਜਿਸ ਨੇ ਮੈਨੂੰ ਜਿਊਣ ਦਾ ਰਾਹ ਦੱਸਿਆ।

ਮੈਂ ਕੁਰਦ ਹਾ, ਮਾਣਮੱਤੀ ਕੁਰਦ ਜਨਾਨੀ, ਜੋ ਆਪਣੀ ਧਰਤੀ ‘ਤੇ ਕੁਰਦਾਂ ਖ਼ਿਲਾਫ਼ ਹੋ ਰਹੇ ਜ਼ੁਲਮਾਂ ਬਾਰੇ ਦੱਸਣ ਤੇ ਮਦਦ ਦੇ ਕੰਮ ਲੱਗੀ ਹਾਂ। ਜਦੋਂ ਤਕੜਿਆਂ ਖਿਲਾਫ਼ ਜੁਲਮ ਦੀਆਂ ਵਾਰਦਾਤਾਂ ਹੋਈਆਂ ਤਾਂ ਉਨ੍ਹਾਂ ਸਿਰ ਝੁਕਾ ਲਏ। ਰਵੀ ਸਿੰਘ ਮਾੜੀ ਸਿਹਤ ਦੇ ਬਾਵਜੂਦ ਤਕੜੇ ਦਿਲ ਨਾਲ ਕੰਮ ‘ਤੇ ਲੱਗਾ ਹੋਇਆ ਹੈ। ਤਾਜ਼ਾ ਪਾਣੀ ਚਾਹੀਦਾ ਸੀ, ਦਿੱਤਾ। ਰੋਟੀ ਚਾਹੀਦੀ ਸੀ, ਦਿੱਤੀ। ਬੀਬੀਆਂ ਦੀਆਂ ਲੁਕਵੀਆਂ ਲੋੜਾਂ ਦਾ ਸਾਮਾਨ ਚਾਹੀਦਾ ਸੀ, ਦਿੱਤਾ। ਖਾਣ ਪੀਣ ਲਈ ਹਰ ਸ਼ੈਅ ਦਿਤੀ ਤੇ ਫਿਰ ਪੁਛਦਾ ਹੋਰ ਕੀ ਕਰ ਸਕਦੇ ਆਂ?

ਉਹ ਖਾਲਸਾ ਹੈ ਤੇ ਮੈਂ ਵੀ ਖਾਲਸਾ ਹਾਂ !"

follow our website, www.usmediainternational.live, facebook page and youtube channel for more updates.